ਰੁੱਖ ਬੋਲਦਾ |
ਟੱਪਿਆਂ ਵੇ ਬੰਦਿਆਂ ਕਿਓਂ ਸਾਰੀਆਂ ਈ ਹੱਦਾਂ ਤੂੰ ,
ਸੁਣੀ ਵੇ ਆਵਾਜ਼ ਕਦੇ ਮੇਰੀਆਂ ਜੜ੍ਹਾਂ ਦੀ ਤੂੰ,
ਤੇਰੇ ਨਿੱਤ ਦਿਆਂ ਲਾਲਚਾਂ ਨੇ ਰੋਲ੍ਹੇ ਪਰਿਵਾਰ ਵੇ,
ਮੇਰੇ ਸਿਰ ਉੱਤੋਂ ਕਾਤੋਂ ਕਰੇ ਕਾਰੋਬਾਰ ਵੇ,
ਹੌਂਕੇ ਲੈ ਲੈ ਕੱਲ੍ਹਾ ਕੱਲ੍ਹਾ ਦੁੱਖ ਬੋਲਦਾ,
ਵੇ ਮੈਂ ਰੁੱਖ ਬੋਲਦਾ।
ਪੰਛੀ ਦੇ ਆਲ੍ਹਣੇ ਤੂੰ ਤੋੜੇ ਬੇਹਿਸਾਬ ਵੇ ,
ਦਰਦਾਂ ਦੇ ਓਹਨਾ ਦਾ ਹੁਣ ਕੌਣ ਦੁ ਜਵਾਬ ਵੇ ,
ਚਹਿਕਦੀਆਂ ਅਵਾਜ਼ਾਂ ਦੇ ਤੂੰ ਕਾਤੋਂ ਘੁੱਟੇ ਸੰਗ ਵੇ,
ਹੋਰ ਨਾ ਦਿਖਾਵੀਂ ਸਾਨੂੰ ਆਪਣੇ ਤੂੰ ਰੰਗ ਵੇ,
ਮੁਰਝਾਈਆਂ ਹੋਈਆਂ ਮਾਵਾਂ ਦਾ ਮੈਂ ਮੁੱਖ ਬੋਲਦਾ ,
ਵੇ ਮੈਂ ਰੁੱਖ ਬੋਲਦਾ।
ਕਰ ਲੈ ਖ਼ਯਾਲ ਥੋੜਾ ਸਾਡੇ ਬਾਰੇ ਸੋਚ ਤੂੰ ,
ਲੱਗ ਮਾੜੇ ਬੰਦੇ ਪਿੱਛੇ ਐਵੇ ਨਾ ਵੇ ਲੋਚ ਤੂੰ ,
ਬਾਪ ਮੇਰੇ ਨੇ ਕਿੱਤਾ ਵੱਡਾ ਦੇ ਦੇ ਪਾਣੀ ਵੇ,
ਅਜ ਮੈਨੂੰ ਵੱਢਣ ਆ ਗਏ ਓਸੇ ਦੇ ਹਾਣੀ ਵੇ ,
ਫੱਲਾਂ ਨਾਲ ਮਿਟਾਉਂਦਾ ਜਿਹੜੀ ਭੁੱਖ ਬੋਲਦਾ,
ਵੇ ਮੈਂ ਰੁੱਖ ਬੋਲਦਾ।
ਆਰਿਆਂ ਨਾਲ ਕੀਤੇ ਸਾਡੇ ਟੁਕੜੇ ਹਜਾਰ ਵੇ,
ਜ਼ਿੰਦਗੀ ਤੋਂ ਪੈ ਗਈ ਤੈਨੂੰ ਐਸੀ ਕੈਸੀ ਮਾਰ ਵੇ,
ਸਾਹਵਾਂ ਨਾਲ ਜੀਣਾ ' ਇਸ਼ੂ ' ਬਿਨ ਸਾਹਵਾਂ ਮਰਨਾ ,
ਮੈ ਨਾ ਰਿਹਾ ਜੇ ਏਥੇ ਤੈਨੂੰ ਪੈਣਾ ਜਰਨਾ ,
ਮੈਥੋਂ ਜਿਹੜਾ ਮਿਲੇ ਤੈਨੂੰ ਸੁੱਖ ਬੋਲਦਾ,
ਵੇ ਮੈਂ ਰੁੱਖ ਬੋਲਦਾ।